ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ
Sunil Kumar-Chief bureo
AMRITSAR.-PUNJAB
ਅੰਮ੍ਰਿਤਸਰ, 24 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪਲਵਿੰਦਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਸਰਵਣ ਕਰਵਾਇਆ। ਭਾਈ ਵਿਸ਼ਾਲ ਸਿੰਘ ਨੇ ਭਾਈ ਲਾਲੋ ਜੀ ਦੇ ਜੀਵਨ ਸਬੰਧੀ ਵਿਚਾਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਮਾਜ ਲਈ ਇਕ ਸੁਚੱਜਾ ਮਾਰਗ ਦਰਸ਼ਨ ਹੈ, ਜਿਸ ਤੋਂ ਅਗਵਾਈ ਲੈ ਕੇ ਧਰਮ ਦੀ ਕਿਰਤ ਕਰਦਿਆਂ ਕਰਤਾ ਪੁਰਖ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਨੂੰ ਬੇਹੱਦ ਸਨਮਾਨ ਦੇ ਕੇ ਮਨੁੱਖਤਾ ਨੂੰ ਸੱਚੀ ਕਿਰਤ ਕਰਨ ਦਾ ਉਪਦੇਸ਼ ਕੀਤਾ ਹੈ। ਉਨ੍ਹਾਂ ਸੰਗਤ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਨਰਿੰਦਰ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ, ਸ. ਬਿਕਰਮਜੀਤ ਸਿੰਘ, ਸ. ਗੁਰਵਿੰਦਰ ਸਿੰਘ ਦੇਵੀਦਾਸਪੁਰ ਅਤੇ ਸੰਗਤਾਂ ਹਾਜ਼ਰ ਸਨ।
ਜਾਰੀ ਕਰਤਾ : ਜਗਤਾਰ ਸਿੰਘ ਖੋਦੇਬੇਟ
ਪਬਲੀਸਿਟੀ ਵਿਭਾਗ, ਸ਼੍ਰੋਮਣੀ ਕਮੇਟੀ,
ਸੰਪਰਕ- 81968-00236


















Leave a Reply